Tuesday, March 8, 2016

Part 1

ਸਤਿਨਾਮ ਸ਼੍ਰੀ ਵਾਹਿਗੁਰੂ , ਗੁਰੂ ਗਰੀਬ ਨਿਵਾਜ਼ ਜੀ।

ਤੀਨੇ ਤਾਪ ਨਿਵਾਰਣਹਾਰਾ ਦੁਖ ਹੰਤਾ ਸੁਖ ਰਾਸਿ 
ਤਾ ਕਉ ਬਿਘਨੁ ਨ ਕੋਊ ਲਾਗੈ ਜਾ ਕੀ ਪ੍ਰਭ ਆਗੈ ਅਰਦਾਸਿ ॥੧॥

ਸਾਸਿ ਸਾਸਿ ਸਿਮਰਹੁ ਗੋਬਿੰਦ ॥
ਮਨ ਅੰਤਰ ਕੀ ਉਤਰੈ ਚਿੰਦ ॥


ਪੂਰੇ ਗੁਰ ਕਾ ਸੁਨਿ ਉਪਦੇਸੁ ॥
ਪਾਰਬ੍ਰਹਮੁ ਨਿਕਟਿ ਕਰਿ ਪੇਖੁ ॥


ਆਸ ਅਨਿਤ ਤਿਆਗਹੁ ਤਰੰਗ ॥
ਸੰਤ ਜਨਾ ਕੀ ਧੂਰਿ ਮਨ ਮੰਗ ॥


ਆਪੁ ਛੋਡਿ ਬੇਨਤੀ ਕਰਹੁ ॥
ਸਾਧਸੰਗਿ ਅਗਨਿ ਸਾਗਰੁ ਤਰਹੁ ॥


ਹਰਿ ਧਨ ਕੇ ਭਰਿ ਲੇਹੁ ਭੰਡਾਰ ॥
ਨਾਨਕ ਗੁਰ ਪੂਰੇ ਨਮਸਕਾਰ ॥੧॥


ਇੱਕ ਅਨੰਦਪੁਰ ਦੀ ਧਰਤੀ ਵਿਚ ਨਾਰਾ ਬੁਲੰਦ ਕੀਤਾ ਗਿਆ ਕਿ ਰਾਜ ਕਰੇਗਾ ਖ਼ਾਲਸਾ  ਆਕੀ ਰਹੇ ਨਾ ਕੋਈ, ਖੁਆਰ ਹੋਏ  ਸਭ ਮਿਲੇੰਗੇ ਬਚੇ ਸ਼ਰਣ ਜੋ ਹੋਏ।  ਇਸ ਨਾਰੇ ਨੂੰ ਲੈਕੇ ਖਾਲਸਾ ਅੱਗੇ ਵਧਿਆ , ਇਸ ਦੇ ਰਸਤੇ ਵਿਚ ਚਰਖੜੀਆਂ ਆਈਆਂ , ਇਸ ਦੇ ਰਸਤੇ ਵਿਚ ਆਰੇ ਆਏ,ਰੰਬੀਆਂ ਆਈਆਂ , ਫਾਂਸੀਆਂ ਆਈਆਂ,ਗੋਲੀਆਂ ਆਈਆਂ , ਤੋਪਾਂ ਆਈਆਂ,ਬਾਰੂਦ ਆਇਆ।  ਹਰ ਮੁਸ਼ਕਿਲ ਨੂੰ ਅਬੂਰ ਕਰਦਾ ਖ਼ਾਲਸਾ  ਚਲਾ ਗਿਆ, ਇੱਕ ਦਿਨ ਆਇਆ  ਇਹ ਆਪਣੀ ਮੰਜ਼ਿਲ ਏ ਮਕਸੂਦ ਉੱਤੇ ਪਹੁੰਚ ਗਿਆ।  

ਉਰਦੂ ਦਾ ਸ਼ਾਇਰ ਕਹਿੰਦਾ
"ਹਮ ਤੋ ਅਕੇਲੇ ਹੀ ਬੜੇ ਥੇ ਮੰਜ਼ਿਲ ਕੀ ਜਾਨਿਬ ;ਹਮਸਫ਼ਰ ਮਿਲਤੇ ਗਏ ਕਾਰਵਾਂ ਬਨਤਾ ਗਿਆ. "

ਮੁਸਲਮਾਨ ਫ਼ਕ਼ੀਰ ਸਾਈ ਬੁੱਲੇ ਸ਼ਾਹ ਨੇ ਕਿਹਾ ਕੇ
"ਹੀਰਿਆਂ ਵਾਲੇ। .. ਭੂਰਿਆਂ ਵਾਲੇ ਰਾਜੇ ਕੀਤੇ, ਮੁਗ੍ਹ੍ਲਾਂ ਜ਼ਹਿਰ ਪਿਆਲੇ ਪੀਤੇ"।

ਦੁਨਿਆ ਨੇ ਵੇਖਿਆ ਓਹ ਬਹਾਦੁਰ ਨੌਜਵਾਨ ,ਓਹ ਬਹਾਦੁਰ ਪੰਜਾਬੀ ,ਓਹ ਅਣਖੀਲੇ ਆਸ਼ਿਕ਼ ਜਿਹੜੇ ਤੱਤੀਆਂ ਤਵੀਆਂ ਤੇ ਬਹਿੰਦੇ ਸੀ , ਕੁਦਰਤ ਰਾਣੀ ਨੇ ਓਹਨਾ ਨੂੰ ਪੰਜਾਬ ਦਾ ਤਖ਼ਤ ਦੇ ਦਿੱਤਾ। ਓਹ ਤਖਤਾਂ ਉੱਤੇ ਬਹਿਣ ਲੱਗ ਪਏ।  ਜਿਨ੍ਹਾਂ ਦੀਆਂ ਖੋਪਰੀਆਂ ਲਹਿੰਦੀਆਂ ਸੀ ,ਕੁਦਰਤ ਨੇ ਓਹਨਾ ਦੇ ਸਿਰ ਉੱਤੇ ਸ਼ਾਹੀ ਤਾਜ ਰੱਖ ਦਿੱਤਾ।  ਜਿਨ੍ਹਾਂ ਦੇ ਬੰਦ ਬੰਦ ਕੱਟੇ ਜਾਂਦੇ ਸੀ, ਓਹਨਾ ਦੀਆਂ ਬਾਹਵਾਂ ਤੇ ਕੋਹ-ਏ-ਨੂਰ ਹੀਰਾ ਬਝਣ  ਲਗ ਪਿਆ।  ਜਿਨ੍ਹਾਂ ਦੇ ਸਿਰਾਂ ਦੇ ਜੁਲੂਸ ਨਿਕਲਦੇ ਸੀ ਓਹਨਾ ਦੇ ਸ਼ਾਹੀ ਜੁਲੂਸ ਨਿਕਲਣ ਲੱਗ ਪਏ। ਸਿੱਖ ਰਾਜ ਭਾਗ ਦੇ ਮਾਲਕ ਬਣ ਗਏ।   ਡੇਢ਼ ਲੱਖ ਮੁਰੱਬਾ ਮੀਲ ਵਿਚ ਸਾਡਾ ਕੇਸਰੀ ਝੰਡਾ ਝੂਲ ਗਿਆ।  ਓਹ ਜਿੱਥੇ ਅੱਜਕਲ ਚੀਨੀਆਂ ਨੇ ਕਬਜਾ ਕਰ ਲਿਆ , ਓਹਨਾ ਤਿੱਬਤ ਦੀਆਂ ਪਹਾੜੀਆਂ ਤੋਂ ਲੈਕੇ ਕਾਬਲ ਦੀਆਂ ਜੂਹਾਂ ਤਕ ਸਤਿ ਸ਼੍ਰੀ ਅਕਾਲ ਦੇ ਜੈਕਾਰੇ ਗੂੰਜ ਉੱਠੇ।  ਓਸ ਵੇਲੇ ਸਿੱਖਾਂ ਦੀ ਸ਼ਾਨ ਬੜੀ ਬੁਲੰਦ ਸੀ।  ਕਿਸੇ ਵੀ ਜਿਓੰਦੀ ਕ਼ੌਮ ਦੀਆਂ ਤਿੰਨ ਨਿਸ਼ਾਨੀਆਂ ਹੁੰਦਿਆ ਨੇ; ਕੌਮ ਦਾ ਝੰਡਾ, ਕੌਮ ਦੀ ਰਾਜਧਾਨੀ ਤੇ ਕੌਮ ਦਾ ਲੀਡਰ। ਓਸ ਵੇਲੇ ਸਾਡੀ ਰਾਜਧਾਨੀ ਸੀ ਲਾਹੌਰ, ਸਾਡਾ ਲੀਡਰ ਸੀ ਮਹਾਰਾਜਾ ਰਣਜੀਤ ਸਿੰਘ ਸ਼ੇਰ-ਏ-ਪੰਜਾਬ ਔਰ ਸਾਡਾ ਰਾਜਸੀ ਝੰਡਾ ਸੀ ਕੇਸਰੀ। ਦਰਾ -ਏ -ਖ਼ੈਬਰ ਦੀਆਂ ਪਹਾੜੀਆਂ ਤਕ ਸਤਿ ਸ਼੍ਰੀ ਅਕਾਲ ਦੇ ਜੈਕਾਰੇ ਗੂੰਜੇ। ਅੰਮ੍ਰਿਤਸਰ , ਕਸੂਰ,ਅੱਟਕ ,ਮੁਲਤਾਨ,ਕਸ਼ਮੀਰ,,ਧੁਰ ਤਕ ਸਿੱਖ ਰਾਜ ਕਾਇਮ ਹੋ ਗਿਆ।  ਸਾਡੇ ਸਰਦਾਰ ਹਰੀ ਸਿੰਘ ਨਲਵੇ ਵਰਗੇ ਜਰਨੈਲ ਸੀ।  ਸਾਡੇ ਅਕਾਲੀ ਫੂਲਾ ਸਿੰਘ  ਵਰਗੇ ਬਹਾਦਰ ਸੀ।  ਫ਼ਕ਼ੀਰ  ਅਜ਼ੀਜ਼ੁਦੀਨ ਵਰਗੇ ਨੀਤੀਵਾਨ ਸੀ।  ਪੰਜਾਬ ਦੇ ਵਿਚ ਲੋਕ ਰਾਜ ਸੀ।  ਫਰਾਂਸ ਔਰ ਰਸ਼ੀਆ ਵਰਗੀਆਂ ਤਾਕ਼ਤਾਂ ਪੰਜਾਬ ਦੇ ਨਾਲ ਦੋਸਤੀ ਗੰਢਣ ਵਿਚ ਫਖਰ  ਸਮਝਦੀਆਂ ਸੀ।  ਉਸ ਵੇਲੇ ਪੰਜਾਬ ਦੀ ਇੱਕ ਲੱਖ ਤੇਈ ਹਜ਼ਾਰ ਫੌਜ ਸੀ।  ਪੰਜਾਬ ਦੇ ਖਜ਼ਾਨੇ ਦੀ ਆਮਦਨ ਤਿੰਨ ਕਰੋੜ ਰੁਪਿਆ ਸਾਲਾਨਾ ਸੀ।  ਮਹਾਰਾਜਾ ਰਣਜੀਤ ਸਿੰਘ ਦੇ ਸੱਤ ਪੁੱਤਰ ਸੀ ; ਖੜਗ ਸਿੰਘ, ਸ਼ੇਰ ਸਿੰਘ, ਕਸ਼ਮੀਰਾ ਸਿੰਘ, ਪਿਸ਼ੌਰਾ ਸਿੰਘ, ਮੁਲ੍ਤਾਨਾ ਸਿੰਘ, ਤਾਰਾ ਸਿੰਘ ਔਰ ਸਭ ਤੋਂ ਛੋਟਾ ਸੀ ਦਲੀਪ ਸਿੰਘ।  ਮਹਾਰਾਜਾ ਰਣਜੀਤ ਸਿੰਘ ਦੀਆਂ ਵੀਹ ਰਾਣੀਆਂ ਸੀ।  ਸਭ ਤੋਂ ਆਖਰੀ ਸ਼ਾਦੀ ਓਹਨਾ ਨੇਂ ਮਹਾਰਾਣੀ ਜਿੰਦ ਕੌਰ ਨਾਲ ਕਰਵਾਈ। ਮਹਾਰਾਣੀ  ਜਿੰਦ ਕੌਰ ਸਰਦਾਰ ਮੰਨਾ ਸਿੰਘ ਔਲਖ ਦੀ ਲੜਕੀ ਸੀ , ਤਹਸੀਲ ਜ਼ਫ਼ਰਵਾਲ ਜ਼ਿਲਾ ਸਿਆਲਕੋਟ।  ਇਤਨੀ ਸਿਆਣੀ,ਇਤਨੀ ਸੁੰਦਰ,ਇਤਨੀ ਭਾਗਸ਼ਾਲੀ ਕਿ ਪਹਿਲੀ ਨਜ਼ਰ ਨਾਲ ਹੀ ਓਹਨੇ ਸ਼ੇਰ-ਏ-ਪੰਜਾਬ ਦਾ ਮਨ ਮੋਹ ਲਿਆ ; ਸਰਕਾਰ ਨੇ ਓਹਨੂੰ ਮਹਬੂਬਾ ਦਾ ਖ਼ਿਤਾਬ ਦਿੱਤਾ,ਪ੍ਰਾਨ ਪਿਆਰੀ। ਓਹਨੇ ਆਪਣੀ ਸਿਆਣਪ ਨਾਲ ਐਨਾ ਸ਼ੇਰ-ਏ-ਪੰਜਾਬ ਦੇ ਦਿਲ ਤੇ ਅਸਰ ਕੀਤਾ ; ਓਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਕੋਈ ਸ਼ਾਦੀ ਨਹੀਂ ਕਰਵਾਈ।  ਪਰ ਸਮੇਂ ਦਾ ਚੱਕਰ ਚਲਦਾ ਰਹਿੰਦਾ , ਘੜੀ ਦੀ ਸੂਈ ਤੁਰੀ ਜਾ ਰਹੀ ਏ , ਪਾਣੀ ਵਹਿੰਦੇ ਜਾ ਰਹੇ ਨੇ, ਸਮਾਂ ਬਦਲਦਾ ਜਾ ਰਿਹਾ।  ਇੱਕ ਵਕ਼ਤ ਆਇਆ ਜਦੋਂ ਸਿੱਖ ਰਾਜ ਦਾ ਪਰਛਾਂਵਾਂ  ਢਲਣਾ ਸ਼ੁਰੂ ਹੋ ਗਿਆ।  ਖੁਸ਼ੀਆਂ ਨੇ ਗਮੀਆਂ ਚ ਬਦਲਣਾ ਸ਼ੁਰੂ ਕਰ ਦਿੱਤਾ।

ਵਜ਼ੀਰ ਧਿਆਨ ਸਿੰਘ ਖੜਾ ਹੋ ਕੇ ਸਾਹਮਣੇ ਹੁਜ਼ੂਰ -ਏ-ਹੱਥ ਜੋੜ ਕੇ ਗਰਦਨ ਝੁਕਾਈ।  ਮਹਾਰਾਜੇ ਨੇ ਖੜਕ ਸਿੰਘ ਦੀ ਬਾਂਹ ਵਜ਼ੀਰ ਧਿਆਨ ਸਿੰਘ ਦੇ ਹੱਥ ਵਿਚ ਦਿੱਤੀ ਤੇ ਕੁਝ ਇਓਂ ਆਖਿਆ ;

ਆਹ ਲੈ ਖੜਕ ਦੀ ਬਾਂਹ ਧਿਆਨ ਸਿੰਘਾ ਤੇਰੇ ਆਸਰੇ ਛੋੜ ਕੇ ਚਲਿਆਂ ਹਾਂ, X 2

ਦੇਖੀਂ ਇਸਨੂੰ ਕੀਤੇ ਖਿੰਡਾ ਨਾ ਬਹੀਂ ਤੀਲਾ ਤੀਲਾ ਜੋ, ਤੀਲਾ ਤੀਲਾ ਜੋ ਜੋੜ ਕੇ ਚਲਿਆਂ  ਹਾਂ। X  2
ਜਿਹੜੇ ਸਨ ਪੰਜਾਬ ਨੂੰ ਢਾਹ ਲਾਂਦੇ ਵਹਿਣ ਪਿਛਾਂਹ ਨੂੰ,ਵਹਿਣ ਪਿਛਾਂਹ ਨੂ ਮੋੜ ਕੇ ਚਲਿਆਂ  ਹਾਂ X  2
ਝੁਕਣਾ ਕਿਸੇ ਦੇ ਅੱਗੇ ਨਾ ਖਾਲਸਾ ਜੀ ਸਭਦੇ ਲੱਕ, ਸਭਦੇ ਲੱਕ ਤਰੋੜ ਕੇ ਚਲਿਆਂ  ਹਾਂ X  2


ਕਹਿਣ ਲੱਗੇ ਧਿਆਨ ਸਿੰਘਾ, ਤੂੰ ਪੰਜਾਬ ਦਾ ਮੁੱਖ ਮੰਤਰੀ ਏਂ , ਤੂੰ ਮੇਰੇ ਦਿਲ ਦਾ ਮਹਿਰਮ ਏਂ , ਤੂੰ ਮੇਰਾ ਭੇਤੀ ਹੈਂ, ਤੂੰ ਮੇਰਾ ਗੂੜਾ ਯਾਰ ਹੈਂ, ਤੂੰ ਮੇਰਾ ਸੱਜਣ  ਹੈਂ, ਤੂੰ ਮਿੱਤਰ ਹੈਂ, ਤੂੰ ਦਿਲਾਂ ਦੀਆਂ ਜਾਣਦਾ ਐਂ।  ਆਪਾਂ ਰਲਕੇ ਜਿੰਦਗੀ ਦੇ ਬਹੁਤੇ ਸਾਲ ਗੁਜ਼ਾਰੇ ਨੇ , ਮੈਂ ਪੰਜਾਬ ਦਾ ਬਾਦਸ਼ਾਹ ਰਿਹਾ ਹਾਂ ਤੂੰ ਪੰਜਾਬ ਦਾ ਵਜ਼ੀਰ ਰਿਹਾ ਹੈਂ।  ਤੂੰ ਨੀਤੀਵਾਨ ਹੈਂ, ਤੂੰ ਸਿਆਸਤਦਾਨ ਹੈਂ, ਤੂੰ ਸਿਆਣਾ ਹੈਂ, ਸਮਝਦਾਰ ਹੈਂ, ਹੌਂਸਲੇ ਵਾਲਾ ਏਂ , ਦਲੇਰ ਏਂ ,ਮੈਂ ਤੇਰੀ ਨੀਤੀ ਨੂੰ ਮੰਨਦਾ ਹਾਂ। ਧਿਆਨ ਸਿੰਘਾ ,ਮੇਰੇ ਤੋਂ ਬਾਅਦ ਪੰਜਾਬ ਦਾ ਮਹਾਰਾਜਾ ਖੜਕ ਸਿੰਘ ਔਰ ਵਜ਼ੀਰ ਤੂੰ ਰਵੇਂਗਾ।  ਔਰ ਵੇਖੀਂ, ਜਿਹੜਾ ਮੈਂ ਮਹਿਲ ਉਸਾਰ ਕੇ ਚਲਿਆਂ  ਹਾਂ , ਜ਼ਰਾ ਇਹਦੀ ਮੁਰੰਮਤ ਕਰਦਾ ਰਵੀੰ, ਇਸਨੂੰ ਬਚੀਆਂ ਲਾਂਦਾ ਰਵੀੰ, ਇਸਦੀ ਰਿਪੇਅਰ ਕਰਦਾ ਰਵੀੰ।  ਕਿਤੇ  ਖਾਲਸਈ ਪੰਥ ਦਾ ਮਹਿਲ ਗਿਰ ਨਾ ਜਾਏ। ਧਿਆਨ ਸਿੰਘਾ, ਕੰਵਰ ਨੌਨਿਹਾਲ ਸਿੰਘ ਤੇ ਖੜਕ ਸਿੰਘ ਦੋਵੇਂ ਪਿਓ ਪੁੱਤਰ ਕੀਤੇ ਆਪਸ ਵਿਚ ਲੜ੍ਹ ਨਾ ਪੈਣ , ਇਹਨਾਂ ਦਾ ਮੇਲ ਮਿਲਾਪ ਬਣਾਈ ਰੱਖੀਂ।  ਮੈਂ ਲਹੂ ਡੋਲ ਕੇ ਖਾਲਸੇ ਦੀ ਹੁਕ਼ੂਮਤ ਕਾਇਮ ਕੀਤੀ ਏ, ਵੇਖੀਂ ਕੀਤੇ ਇਸਦੀ ਸ਼ਾਨ ਮਿੱਟੀ ਵਿਚ ਨਾ ਮਿਲ ਜਾਏ। ਜੇ ਪੰਜਾਬ ਉੱਤੇ ਕਿਸੇ ਗੈਰ ਦਾ ਝੰਡਾ ਝੁੱਲ ਗਿਆ , ਮੇਰੀ ਆਤਮਾ ਕਲਪੇਗੀ , ਮੇਰੀ ਰੂਹ ਕੁਰਲਾ ਉੱਠੇਗੀ।  ਰਾਜਾ ਧਿਆਨ ਸਿੰਘ ਨੇ ਗੀਤਾ ਉੱਤੇ ਹੱਥ ਧਰ ਕੇ ਸੌਂਹ ਖਾਧੀ।  ਸਿਆਸਤਦਾਨਾਂ ਦੀਆਂ ਨਜ਼ਰਾਂ ਵਿਚ ਧਾਰਮਿਕ ਗਰੰਥ ਐਵੇਂ ਸੌਂਹ ਖਾਣ ਦਾ ਵਸੀਲਾ ਈ ਹੁੰਦੇ ਨੇ।  ਗੀਤਾ ਉੱਤੇ ਹੱਥ ਧਰ ਕੇ ਕਹਿਣ ਲੱਗਾ, ਮੇਰੇ ਮਾਲਕ ,ਮੇਰੇ ਸਵਾਮੀ, ਮੈਂ ਆਪਦਾ ਵਿਛੋੜਾ ਬਰਦਾਸ਼ਤ ਨਹੀਂ ਕਰ ਸਕਾਂਗਾ , ਚਿਖਾ ਵਿਚ ਸਤੀ ਹੋ ਜਾਵਾਂਗਾ।ਅਗਰ ਮੇਰੀ ਬ੍ਦ੍ਕ਼ਿਸ੍ਮਤੀ ਨੇ ਨੇ ਮੈਨੂੰ ਬਚਾ ਲਿਆ, ਤਾਂ ਮੈ ਪ੍ਰਣ ਕਰਦਾ ਹਾਂ ਜਿੱਥੇ ਹੁਜੂਰ ਦਾ ਮੁੜਕਾ ਡੁੱਲਿਆ ਓੱਥੇ ਲਹੂ ਡੋਲ ਦਿਆਂਗਾ।  ਟਿੱਕਾ ਖੜਕ ਸਿੰਘ ਦੀ ਸ਼ਾਨ ਆਕਾਸ਼ ਵਿਚ ਤਾਰਿਆਂ ਵਾਂਗੂ ਚਮਕਾ ਦਿਆਂਗਾ। ਮੈਂ ਸਿੱਖ ਰਾਜ ਬਦਲੇ ਆਪਣਾ ਸਭ ਕੁਝ ਕੁਰਬਾਨ ਕਰ ਦਿਆਂਗਾ।  ਮਹਾਰਾਜਾ ਰਣਜੀਤ ਸਿੰਘ ਨੇ ਐਲਾਨ ਕੀਤਾ ਕਿ ਪੰਜਾਬ ਦਾ ਮਹਾਰਾਜਾ ਖੜਕ ਸਿੰਘ ਤੇ ਵਜੀਰ ਧਿਆਨ ਸਿੰਘ ਹੈ। ਹਾਲਾਤ ਵੇਖ ਕੇ ਕਈਆਂ ਜਰਨੈਲਾਂ,ਵਜ਼ੀਰਾਂ,ਅਮੀਰਾਂ ਦੀਆਂ ਅੱਖਾਂ ਵਿਚ ਹੰਝੂ ਸੀ।  ਮਹਾਰਾਜਾ ਸਾਹਿਬ ਕਹਿਣ ਲੱਗੇ ਪੰਜਾਬੀਓ , ਮੇਰੇ ਦੇਸ਼ ਦੇ ਨੌਜਵਾਨੋਂ ,ਮੇਰੀ ਹੁਕੂਮਤ ਦੇ ਥ੍ਮੋੰ , ਮੇਰੇ ਸਿਪਾਹ੍ਸਾਲਾਰੋ ; ਓਹ ਵਕ਼ਤ ਜੋ ਹਰ ਉੱਤੇ ਆਓਣਾ ਏ ਬੜਾ ਨਜਦੀਕ ਹੈ।  ਮੇਰੇ ਸਤਿਗੁਰੁ ਕਹਿੰਦੇ ਨੇ
"ਘਲੇ ਆਵਹਿ ਨਾਨਕਾ ਸਦੇ ਉਠੀ ਜਾਹਿ ॥੧॥"


"ਜੋ ਆਇਆ ਸੋ ਚਲਸੀ ਸਭੁ ਕੋਈ ਆਈ ਵਾਰੀਐ "

ਇਸ ਮੌਤ ਨੇ ਹਰ ਇੱਕ ਉੱਤੇ ਆਓਣਾ।

ਲਿਖਿਆ ਆਇਆ ਗੋਵਿੰਦ ਕਾ ਵਣਜਾਰਿਆ ਮਿਤ੍ਰਾ ਉਠਿ ਚਲੇ ਕਮਾਣਾ ਸਾਥਿ ॥
ਇਕ ਰਤੀ ਬਿਲਮ ਨ ਦੇਵਨੀ ਵਣਜਾਰਿਆ ਮਿਤ੍ਰਾ ਓਨੀ ਤਕੜੇ ਪਾਏ ਹਾਥ ॥
ਸਭਨਾ ਸਾਹੁਰੈ ਵੰਞਣਾ ਸਭਿ ਮੁਕਲਾਵਣਹਾਰ 

ਜੋਧਿਓ ਮੌਤ ਬੜੀ ਅਟਲ ਅਵਸਥਾ ਐ।  ਹਰ ਸੱਜਣ ਉੱਤੇ ਆਣੀ ਏ।  ਪਰ ਖਾਲਸਾ ਜੀ ,ਜ਼ਰਾ ਨਜ਼ਰ ਮਾਰੋ ਇਤਿਹਾਸ ਵੱਲੇ, ਜਿਸ ਦਿਨ ਪਾਣੀਪਤ ਦੇ ਮੈਦਾਨ ਵਿਚ ਮੁਹੰਮਦ ਗ੍ਹੌਰੀ ਤੋਂ ਪ੍ਰਿਥਵੀਰਾਜ ਚੌਹਾਨ ਹਾਰ ਗਿਆ ਸੀ, ਓਸ ਦਿਨ ਤੋਂ ਹਿੰਦੁਸਤਾਨ ਗੁਲਾਮੀ ਦੀਆਂ ਜ਼ੰਜੀਰਾਂ ਵਿਚ ਜਕੜਿਆ ਗਿਆ।  ਅਰਜਨ ਦੇ ਤੀਰ ਖੁੰਡੇ ਹੋ ਗਏ, ਕਰਨ ਦੇ ਅਗਨਬਾਣ ਠੰਡੇ ਹੋ ਗਏ, ਭੀਮਸੇਨ ਦੀਆਂ ਗੁਰਜਾਂ ਟੁੱਟ ਗਈਆਂ।  ਹਿੰਦੁਸਤਾਨ ਉੱਤੇ ਗੈਰ ਰਾਜ ਕਰਦੇ ਰਹੇ. ਛੇ ਸੌ ਸਾਲ ਕਿਸੇ ਮਰਦ ਨੇ ਅੱਖ ਨਹੀਂ ਖੋਲੀ। ਜੋਧਿਓ , ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਅਪਾਰ ਕਿਰਪਾ ਨਾਲ ਇਹ ਤੁਹਾਡੀ ਬਾਦਸ਼ਾਹੀ ਕਾਇਮ ਹੋ ਗਈ ਏ।  ਮੈਂ ਇੱਕ ਇੱਕ ਮਣਕਾ ਭੰਨ ਕੇ ਕੈਂਠਾ ਬਣਾ ਦਿੱਤਾ ਐ। ਮੈਂ ਤੀਲਾ ਤੀਲਾ ਜੋੜ ਕੇ ਡੇਢ ਲੱਖ ਮੁਰੱਬਾ ਮੀਲ ਉੱਤੇ ਤੁਹਾਡਾ ਝੰਡਾ ਝੁਲਾ ਦਿੱਤਾ ਏ।  ਅੱਜ ਤੁਹਾਡੀ ਤਲਵਾਰ ਦੇ ਸਾਹਮਣੇ ਦੁਸ਼ਮਨ ਥਰ ਥਰ ਕੰਬਦੇ ਨੇ।  ਅੱਜ ਤੁਹਾਡੇ ਡੌਲਿਆਂ ਦੇ ਸਾਹਮਣੇ ਕਾਬਲ ਕੰਧਾਰ ਕੰਬਦਾ ਐ।  ਦੁਸ਼ਮਨ ਦੇ ਬਹਾਦਰੀ ਹਨੇਰੇ ਵਾਂਗ ਕਾਫੂਰ ਹੋ ਜਾਂਦੀ ਏ ਤੁਹਾਡੇ ਤੇਜ ਦੇ ਸਾਹਮਣੇ, ਪਰ ਜੋਧਿਓ ਵੇਖਿਆ ਜੇ ਕਿਤੇ ਇਹ ਤੇਗਾਂ, ਇਹ ਤਲਵਾਰਾਂ ਆਪਸ ਵਿਚ  ਨਾ ਖੜਕਣ ਲੱਗ ਪੈਣ। ਬਸ ਇਤ੍ਫਾਕ਼ ਰਖਿਓ। ਇਕੱਠੇ ਰਵੋਗੇ ਸ਼ਾਨ ਚਮਕਦੀ ਰਹੇਗੀ।ਅਗਰ ਫੁੱਟ ਪੈ ਗਈ ਰਾਜ ਤਬਾਹ ਹੋ ਜਾਏਗਾ। ਆਪਣੀ ਕੌਮ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਆਖਰੀ ਸੁਨੇਹਾ ਇਯੋਂ ਦਿੱਤਾ

ਚਿੱਠੀ ਮੌਤ ਦੀ ਘੱਲੀ ਰੱਬ ਮੈਨੂੰ X 4
ਤੇ ਜਾਂ ਨੂੰ ਤਿਆਰ ਹੋ ਗਿਆ, ਘੜੀ ਪਲਾਂ ਦਾ,
ਘੜੀ ਪਲਾਂ ਦਾ ਪ੍ਰਹਾਉਣਾ ਹੋਇਆ X 2
ਤੇ ਗੱਲਾਂ ਜਾਂਦੀ ਵਾਰ ਦੀਆਂ ਹੀਰਿਓ, 
ਹੀਰਿਓ, ਪੰਜਾਬ ਮੇਰੇ ਕਾਲਜੇ ਨੂੰ ਨਾ ਚੀਰਿਓ। 

ਘੜੀ ਪਲਾਂ ਦਾ ਪ੍ਰਹਾਉਣਾ ਹੋਇਆ X 4
ਤੇ ਗੱਲਾਂ ਜਾਂਦੀ ਵਾਰ ਦੀਆਂ ਯਾਦ ਰੱਖਣਾ 
ਯਾਦ ਰੱਖਣਾ ਦਿਲੋਂ ਨਾ ਭੁੱਲਣਾ X  2
ਕਿ ਸਿੱਖਿਆ ਮੇਰੀ ਨੂੰ ਹੀਰਿਓ,
ਹੀਰਿਓ, ਪੰਜਾਬ ਮੇਰੇ ਕਾਲਜੇ ਨੂੰ ਨਾ ਚੀਰਿਓ। 

ਯਾਦ ਰੱਖਣਾ ਦਿਲੋਂ ਨਾ ਭੁੱਲਣਾ X  4
ਕਿ ਸਿੱਖਿਆ ਮੇਰੀ ਨੂੰ ਮਹਿੰਗੇ ਮੁੱਲ ਏ ,
ਮਹਿੰਗੇ ਮੁੱਲ ਏ ਪੰਜਾਬ ਪਿਆ ਸਾਨੂੰ X 2
ਤੇ ਲਿਆ ਲੱਖਾਂ ਸੀਸ ਤਾਰਕੇ ਹੀਰਿਓ ,
ਹੀਰਿਓ, ਪੰਜਾਬ ਮੇਰੇ ਕਾਲਜੇ ਨੂੰ ਨਾ ਚੀਰਿਓ।


ਮਹਿੰਗੇ ਮੁੱਲ ਏ ਪੰਜਾਬ ਪਿਆ ਸਾਨੂੰ X 4
ਤੇ ਲਿਆ ਲੱਖਾਂ ਸੀਸ ਤਾਰਕੇ ਚੱਪੇ ਚੱਪੇ ਤੇ,
ਚੱਪੇ ਚੱਪੇ ਤੇ ਸਿੰਘਾਂ ਨੇ ਸਿਰ ਲਾਹੇ X  2
ਤੇ ਜੜ ਪੁੱਟੀ ਮੁਗਲਾਂ ਦੀ ਹੀਰਿਓ,
ਹੀਰਿਓ, ਪੰਜਾਬ ਮੇਰੇ ਕਾਲਜੇ ਨੂੰ ਨਾ ਚੀਰਿਓ।

ਚੱਪੇ ਚੱਪੇ ਤੇ ਸਿੰਘਾਂ ਨੇ ਸਿਰ ਲਾਹੇ X  4
ਤੇ ਜੜ ਪੁੱਟੀ ਮੁਗਲਾਂ ਦੀ ਰਹੇ ਲੁੱਟਦੇ 
UNCLEAR 
ਹੀਰਿਓ, ਪੰਜਾਬ ਮੇਰੇ ਕਾਲਜੇ ਨੂੰ ਨਾ ਚੀਰਿਓ।

UNCLEAR 
ਗੱਦੀ ਰਾਜ ਦੀ ਬਹਾ ਕੇ ਚੱਲਿਆਂ X  2
ਤੇ ਦੇ ਕੇ ਹਕੂਮਤਾਂ ਨੂੰ ਹੀਰਿਓ,
ਹੀਰਿਓ, ਪੰਜਾਬ ਮੇਰੇ ਕਾਲਜੇ ਨੂੰ ਨਾ ਚੀਰਿਓ ।

ਗੱਦੀ ਰਾਜ ਦੀ ਬਹਾ ਕੇ ਚੱਲਿਆਂ X  4
ਤੇ ਦੇ ਕੇ ਹਕੂਮਤਾਂ ਨੂੰ ਡੋਰ ਇਸ ਦਾ,
ਡੋਰ ਏਸ ਦਾ ਟੁੱਟਣ ਨਾ ਦੇਣੀ  X  2
ਤੇ ਜੱਥੇਬੰਦੀ ਕਾਇਮ ਰੱਖਿਉ ਹੀਰਿਓ,
ਹੀਰਿਓ, ਪੰਜਾਬ ਮੇਰੇ ਕਾਲਜੇ ਨੂੰ ਨਾ ਚੀਰਿਓ ।


ਮਹਾਰਾਜਾ ਰਣਜੀਤ ਸਿੰਘ ਕਹਿ ਰਿਹਾ ਸੀ, ਖ਼ਾਲਸਾ ਜੀ, ਅੰਤਿਮ ਸੱਦਾ ਆ ਗਿਆ। ਪਰ ਇੱਕ ਗੱਲ ਮੇਰੀ ਯਾਦ ਰੱਖਿਓ, ਵੇਖਿਆ ਜੇ ਕੀਤੇ ਫੁੱਟ ਦੇ ਝਾਂਸੇ ਵਿਚ ਨਾ ਆ ਜਾਇਓ। ਅੱਜ ਤੁਹਾਡੀ ਤਲਵਾਰ ਦੇ ਸਾਹਮਣੇ ਦੁਨੀਆ ਥਰ ਥਰ ਕੰਬਦੀ ਏ।  ਦੁਨੀਆ ਦੀਆਂ ਹਕੂਮਤਾਂ ਦੇ ਪੋਲੀਟੀਕਲ ਏਜੇਂਟ ਤੁਹਾਡੇ ਦਰਵਾਜ਼ੇ ਅੱਗੇ ਖੜੇ ਨੇ ਦੋਸਤੀ ਗੰਢਣ ਵਾਸਤੇ।  ਕਿਤੇ ਇਹੋ ਈ ਤਲਵਾਰ ਆਪਸ ਵਿਚ ਨਾ ਖੜਕਣ ਲੱਗ ਪਵੇ।

"ਜਿਹੜਾ ਕੰਨ ਪੜਵਾਣ ਤੋਂ ਸ਼ਰਮ ਖਾਵੇ ਉਹ ਹੀਰ ਸਲੇਟੀ ਦਾ ਚਾਕ ਈ ਨਹੀਂ।
ਉਹਨੇ ਕੌਮ ਦਾ ਲੀਡਰ ਹੈ ਕੀ ਬਣਨਾ ਜਿਹੜਾ ਆਪਣਾ ਉੱਚਾ ਇਖ਼ਲਾਕ ਈ ਨਹੀਂ।
ਦੁੱਖ ਬਣੇ ਤੇ ਜਿਹੜਾ ਨਾ ਸਾਥ ਦੇਵੇ, ਸੱਜਣ, ਭੈਣ, ਭਾਈ, ਮਿੱਤਰ, ਸਾਕ ਈ ਨਹੀਂ।
ਤੇ ਉਸ ਕੌਮ ਦਾ ਰਾਖਾ ਤਾਂ ਰੱਬ ਈ ਏ, ਜਿਸਦਾ ਆਪਣੇ ਵਿਚ ਇੱਤਫ਼ਾਕ਼ ਈ ਨਹੀਂ। "

ਮੈਂ ਇੰਗਲੈਂਡ ਵਿਚ ਆਇਆਂ , ਜਦ ਮੈਂ ਆਪਣੀ ਕੌਮ ਦੇ ਹਾਲਾਤ ਵੇਖੇ ਨੇ, ਮੈਂ ਜਿੱਥੇ ਵੀ ਜਾਣਾ ਖ਼ਾਸ ਤੌਰ ਤੇ ਅਪੀਲ ਕਰਦਾ ਹਾਂ, ਕਿ ਦੋਸਤੋ, ਅਸੀਂ ਪੰਜਾਬ ਤੋਂ ਪੰਜ ਛੇ ਹਜ਼ਾਰ ਮੀਲ ਦੂਰ ਆਏ ਹਾਂ ਤੇ ਇਤਫ਼ਾਕ ਰੱਖੋ,ਏਕਤਾ ਰੱਖੋ। ਸਾਡੇ ਬੜੇ ਬੜੇ ਗੁਰਦਵਾਰਿਆਂ ਦੀਆਂ ਖ਼ਬਰਾਂ ਜਦੋਂ ਅਖ਼ਬਾਰਾਂ ਚ ਛਪਦੀਆਂ ਨੇ, ਉਸ ਵੇਲੇ ਸਾਨੂੰ ਸ਼ਰਮ ਨਾਲ ਧੌਣ ਨੀਵੀਂ ਹੁੰਦੀ ਏ। ਏਕਤਾ ਦੀ ਲੜੀ ਵਿਚ ਪੁਰਚੇ ਰਵੋਗੇ ਤੁਹਾਡੇ ਝੰਡੇ ਝੁੱਲਦੇ ਰਹਿਣਗੇ, ਨਗਾੜੇ ਵੱਜਦੇ ਰਹਿਣਗੇ, ਲੰਗਰ ਚਲਦੇ ਰਹਿਣਗੇ, ਗੁਰਦਵਾਰਿਆਂ ਦੀ ਸ਼ਾਨ ਬਣੀ ਰਵੇਗੀ। ਇੱਕ ਅੰਗਰੇਜ਼ ਨੇ ਕਿਹਾ ਸੀ , "ਅਗਰ ਸਿੱਖਾਂ ਦੇ ਹਾਲਾਤ ਇਹੋ ਜਿਹੇ ਰਹੇ, ਤਾਂ ਸਿੱਖਾਂ ਦੇ ਮੁੰਡੇ ਚਰਚ ਵੱਲੇ ਮੂੰਹ ਕਰਣਗੇ; ਕਿਓਂਕਿ ਉਹਨਾਂ ਨੇ ਆਤਮਿਕ ਸ਼ਾਂਤੀ ਲੱਭਣੀ ਏ। "

ਜਿੰਨਾ ਚਿਰ ਬੱਚਿਆਂ ਨੂੰ ਕੌਮ ਦੇ ਵੱਡੇ ਵਡੇਰਿਆਂ ਦਾ ਇਤਿਹਾਸ ਸੁਣਾ ਕੇ ਅਸੀਂ ਆਪਣਾ ਬੁਲੰਦ ਕੈਰੇਕ੍ਟਰ ਨਹੀਂ ਪੇਸ਼ ਕਰਦੇ। ਆਉਣ ਵਾਲੇ ਬੱਚੇ ਦਲੀਲ ਮੰਗਦੇ ਨੇ, ਆਉਣ ਵਾਲੇ ਬੱਚੇ ਅਸਲੀਅਤ ਮੰਗਦੇ ਨੇ, ਤੇ ਇਹਨਾਂ ਦੀ ਤਸੱਲੀ ਲਈ ਸਾਨੂੰ ਕੁਝ ਕਰਕੇ ਦਿਖਾਉਣਾ ਪਵੇਗਾ